Sep 23, 2026 5:39 PM - Connect Newsroom - Jasmine Singh with files from The Canadian Press

ਕੈਨੇਡਾ ਦੀ ਆਬਾਦੀ ਵਿਚ ਜੁਲਾਈ 2025 ਤੋਂ ਜੁਲਾਈ 2026 ਵਿਚਕਾਰ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਵਿਸ਼ਵ ਯੁੱਧ II ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਹੌਲੀ ਰਫ਼ਤਾਰ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ, ਆਬਾਦੀ ਵਧਣ ਦੀ ਇਹ ਦਰ ਉਸ ਸਮੇਂ ਨਾਲੋਂ ਵੀ ਘੱਟ ਹੈ ਜਦੋਂ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਵਿਚ ਸਰਹੱਦੀ ਪਾਬੰਦੀਆਂ ਲਗਾਈਆਂ ਗਈਆਂ ਸਨ।
1 ਜੁਲਾਈ 2026 ਤੱਕ ਕੈਨੇਡਾ ਦੀ ਕੁੱਲ ਆਬਾਦੀ ਦਾ ਅੰਦਾਜ਼ਾ 4 ਕਰੋੜ 18 ਲੱਖ ਲਗਾਇਆ ਗਿਆ ਹੈ। ਰਿਪੋਰਟ ਮੁਤਾਬਕ, ਆਬਾਦੀ ਵਾਧੇ ਦੀ ਹੌਲੀ ਹੋਈ ਇਸ ਰਫ਼ਤਾਰ ਦਾ ਮੁੱਖ ਕਾਰਨ ਫੈਡਰਲ ਸਰਕਾਰ ਵੱਲੋਂ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਚੁੱਕੇ ਗਏ ਕਦਮ ਅਤੇ ਨੀਤੀਗਤ ਬਦਲਾਅ ਹਨ।
ਸਟੈਟਿਸਟਿਕਸ ਕੈਨੇਡਾ ਮੁਤਾਬਕ, ਤਿੰਨ ਵੱਡੇ ਸੂਬਿਆਂ ਓਨਟਾਰੀਓ, ਕਿਊਬੈਕ ਅਤੇ ਬ੍ਰਿਟਿਸ਼ ਕੋਲੰਬੀਆ ਨੇ ਆਪਣੀ ਆਬਾਦੀ ਵਿਚ ਦੇਸ਼ ਦੀ ਔਸਤ ਦਰ 0.5 ਫੀਸਦੀ ਨਾਲੋਂ ਵੀ ਘੱਟ ਰਫ਼ਤਾਰ ਨਾਲ ਵਾਧਾ ਦਰਜ ਕੀਤਾ ਹੈ ਅਤੇ ਇਹਨਾਂ ਤਿੰਨਾਂ ਵਿਚੋਂ ਵੀ ਸਭ ਤੋਂ ਘੱਟ ਗ੍ਰੋਥ ਬੀ. ਸੀ. ਨੇ 0.1 ਫੀਸਦੀ ਦਰਜ ਕੀਤੀ ਹੈ। ਏਜੰਸੀ ਮੁਤਾਬਕ, ਇਸ ਦਾ ਕਾਰਨ ਅੰਤਰਰਾਸ਼ਟਰੀ ਪ੍ਰਵਾਸੀਆਂ ਦਾ ਪਹਿਲਾਂ ਨਾਲੋਂ ਘੱਟ ਹੋਣਾ ਹੈ।




