Dec 5, 2024 1:25 PM - The Canadian Press
ਕੈਨੇਡਾ ਪੋਸਟ ਦੇ 55,000 ਤੋਂ ਵੱਧ ਡਾਕ ਕਰਮਚਾਰੀ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਕੰਪਨੀ ਨਾਲ ਸਮਝੌਤੇ 'ਤੇ ਪਹੁੰਚਣ ਦੇ ਇਰਾਦੇ ਨਾਲ ਦੋਹਾਂ ਧਿਰਾਂ ਵਿਚਕਾਰ ਗੱਲਬਾਤ ਲਈ ਸਰਕਾਰ ਵਲੋਂ ਨਿਯੁਕਤ ਵਿਚੋਲੇ ਨੂੰ ਨਵਾਂ ਆਪਣਾ ਪ੍ਰਸਤਾਵ ਭੇਜ ਦਿੱਤਾ ਹੈ।
ਇਸ ਤੋਂ ਪਹਿਲਾਂ ਕੈਨੇਡਾ ਪੋਸਟ ਨੇ ਵੀਕੈਂਡ 'ਤੇ ਯੂਨੀਅਨ ਨੂੰ ਇੱਕ ਨਵਾਂ ਪ੍ਰਸਤਾਵ ਭੇਜਿਆ ਸੀ, ਜਿਸ ਵਿਚ ਡਿਲੀਵਰੀ ਮਾਡਲ ਲਈ ਵਧੇਰੇ ਲਚਕਤਾ ਦੀ ਪੇਸ਼ਕਸ਼ ਵੀ ਸ਼ਾਮਲ ਸੀ। ਬੁੱਧਵਾਰ ਕੰਪਨੀ ਦਾ ਕਹਿਣਾ ਸੀ ਕਿ ਉਹ ਹੁਣ ਯੂਨੀਅਨ ਪਾਸਿਓਂ ਜਵਾਬ ਦੀ ਉਡੀਕ ਕਰ ਰਹੀ ਹੈ। ਉਥੇ ਹੀ, ਹੁਣ ਯੂਨੀਅਨ ਦਾ ਕਹਿਣਾ ਹੈ ਕਿ ਕੰਪਨੀ ਵਲੋਂ ਦਿੱਤਾ ਪ੍ਰਸਤਾਵ ਕਾਫ਼ੀ ਹੱਦ ਤੱਕ ਉਨ੍ਹਾਂ ਦੀਆਂ ਉਮੀਦਾਂ ਦੇ ਕਰੀਬ ਹੈ ਪਰ ਅਜੇ ਵੀ ਉਨ੍ਹਾਂ ਦੀਆਂ ਕੁਝ ਮੰਗਾਂ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ, ਜਿਨ੍ਹਾਂ ਵਿਚ ਤਨਖਾਹਾਂ ਦਾ ਮੁੱਦਾ ਅਤੇ ਕੈਨੇਡਾ ਪੋਸਟ ਦੀਆਂ ਸੇਵਾਵਾਂ ਦਾ ਵਿਸਥਾਰ ਸ਼ਾਮਲ ਹੈ।
ਓਧਰ, ਲੇਬਰ ਮੰਤਰੀ ਸਟੀਵਨ ਮੈਕਕਿਨਨ ਨੇ ਦੋਹਾਂ ਧਿਰਾਂ ਨੂੰ ਫਟਕਾਰ ਲਗਾਈ ਹੈ, ਉਨ੍ਹਾਂ ਕਿਹਾ ਕਿ ਯੂਨੀਅਨ ਅਤੇ ਪ੍ਰਬੰਧਨ ਦੋਵੇਂ ਉਨ੍ਹਾਂ ਕੈਨੇਡੀਅਨ ਪ੍ਰਤੀ ਨਿਰਾਦਰ ਦਿਖਾ ਰਹੀਆਂ ਹਨ ਜੋ ਡਾਕ ਸੇਵਾ 'ਤੇ ਨਿਰਭਰ ਹਨ।