Oct 16, 2026 7:25 PM - Connect Newsroom - Ramandeep Kaur with files from The Canadian Press

ਕੈਲਗਰੀ ਵਿੱਚ ਵੀਰਵਾਰ ਵਾਪਰੇ ਬੱਸ ਹਾਦਸੇ ਅਤੇ ਅੱਗ ਲੱਗਣ ਦੀ ਘਟਨਾ ਵਿੱਚ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਪੁਲਿਸ ਅਧਿਕਾਰੀ ਸਮੇਤ 16 ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਮ੍ਰਿਤਕ ਤਿੰਨੇ ਵਿਅਕਤੀ ਇਸੇ ਬੱਸ ਵਿੱਚ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਦੀ ਪਛਾਣ ਕਰ ਲਈ ਗਈ ਹੈ ਜਦਕਿ ਤੀਜੇ ਦੀ ਪਛਾਣ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਇਹ ਹਾਦਸਾ ਸ਼ਹਿਰ ਦੇ ਉੱਤਰ-ਪੂਰਬੀ ਹਿੱਸੇ ਵਿੱਚ ਦੋ ਟਰਾਂਜ਼ਿਟ ਬੱਸਾਂ ਅਤੇ ਕਈ ਹੋਰ ਵਾਹਨਾਂ ਵਿਚਕਾਰ ਵਾਪਰਿਆ, ਜਿਸ ਦੌਰਾਨ Natural Gas ਦੇ ਟੈਂਕਾਂ ਵਾਲੀ ਬੱਸ ਨੂੰ ਅੱਗ ਲੱਗ ਗਈ ਅਤੇ ਕੁਝ ਸਕਿੰਟਾਂ ਵਿੱਚ ਹੀ ਜ਼ਬਰਦਸਤ ਧਮਾਕਾ ਹੋ ਗਿਆ।
ਇਸ ਹਾਦਸੇ ਵਿੱਚ ਇੱਕ ਬੱਸ ਡਰਾਈਵਰ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਿਹਾ, ਦੂਜੀ ਬੱਸ ਦੇ ਡਰਾਈਵਰ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।




