Oct 19, 2026 6:22 PM - Connect Newsroom - Ramandeep Kaur with files from The Canadian Press

ਕੈਨੇਡਾ ਦੇ ਸਤੰਬਰ ਮਹੀਨੇ ਦੀ ਮਹਿੰਗਾਈ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਸੈਂਟਰਲ ਬੈਂਕ ਵੱਲੋਂ ਸਾਲ 2026 ਦੇ ਅੰਤ ਤੱਕ ਵਿਆਜ ਦਰਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਰਿਪੋਰਟ ਮੁਤਾਬਕ, ਤੇਲ ਅਤੇ ਗੈਸ ਦੀਆਂ ਉੱਚੀਆਂ ਕੀਮਤਾਂ ਕਾਰਨ ਸਾਲਾਨਾ ਮਹਿੰਗਾਈ ਦਰ ਵਧ ਕੇ 3.1 ਫੀਸਦੀ 'ਤੇ ਪਹੁੰਚ ਗਈ ਹੈ, ਜੋ ਕਿ ਬੈਂਕ ਦੇ 1 ਤੋਂ 3 ਫੀਸਦੀ ਦੇ ਟਾਰਗੇਟ ਦਾਇਰੇ ਤੋਂ ਉੱਪਰ ਹੈ।
ਹਾਲਾਂਕਿ, ਮੂਲ ਮਹਿੰਗਾਈ ਘੱਟ ਰਹੀ ਹੈ, ਜਿਸ ਨਾਲ ਬੈਂਕ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਅਮਰੀਕਾ ਨਾਲ ਚੱਲ ਰਹੇ ਵਪਾਰਕ ਤਣਾਅ ਅਤੇ ਮਿਡਲ ਈਸਟ ਸੰਕਟ ਕਾਰਨ ਮਹਿੰਗਾਈ ਵਧਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ।
KPMG ਕੈਨੇਡਾ ਮੁਤਾਬਕ, ਬੈਂਕ ਔਫ ਕੈਨੇਡਾ ਅਕਤੂਬਰ ਦੇ ਅਖੀਰ ਵਿਚ ਹੋਣ ਵਾਲੀ ਬੈਠਕ ਵਿਚ ਵਿਆਜ ਦਰਾਂ ਨੂੰ ਸਥਿਰ ਰੱਖੇਗਾ ਅਤੇ ਦਸੰਬਰ ਤੱਕ ਇਸ ਵਿਚ ਵਾਧਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਪਿਛਲੀਆਂ ਲਗਾਤਾਰ ਸੱਤ ਬੈਠਕਾਂ ਤੋਂ ਸੈਂਟਰਲ ਬੈਂਕ ਨੇ ਆਪਣੀ ਬੈਂਚਮਾਰਕ ਦਰ ਨੂੰ 2.25 ਫੀਸਦੀ 'ਤੇ ਸਥਿਰ ਰੱਖਿਆ ਹੋਇਆ ਹੈ।




