Jan 2, 2024 6:54 PM - The Canadian Press
ਕੈਨੇਡਾ ਦੇ 100 ਸਭ ਤੋਂ ਵੱਧ ਕਮਾਉਣ ਵਾਲੇ ਸੀ.ਈ.ਓਜ਼ ਨੇ 2022 ਵਿੱਚ ਔਸਤ ਵਰਕਰ ਦੀ ਸਾਲਾਨਾ ਤਨਖਾਹ ਤੋਂ ਕਰੀਬ 246 ਗੁਣਾ ਵੱਧ ਕਮਾਈ ਕੀਤੀ ਹੈ ਅਤੇ ਇਹ ਉਨ੍ਹਾਂ ਦਾ ਲਗਾਤਾਰ ਦੂਜਾ ਰਿਕਾਰਡ ਤੋੜ ਸਾਲ ਹੈ।
ਔਟਵਾ ਬੇਸਡ ਥਿੰਕ ਟੈਂਕ ਦੀ ਰਿਪੋਰਟ ਮੁਤਾਬਕ 2022 ਵਿੱਚ ਸੀ.ਈ.ਓਜ਼ ਨੂੰ ਭੁਗਤਾਨ ਦੇ ਰੂਪ ਵਿੱਚ $14.9 ਮਿਲੀਅਨ ਮਿਲੇ। 2021 ਵਿੱਚ ਇਹ ਅੰਕੜਾ $14.3 ਮਿਲੀਅਨ ਸੀ। ਉਥੇ ਹੀ ਸੀ.ਈ.ਓਜ਼ ਤੇ ਔਸਤ ਵਰਕਰ ਦੀ ਤਨਖ਼ਾਹ ਵਿੱਚ ਅੰਤਰ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਫਰਕ ਓਨਟੇਰੀਓ ਵਿੱਚ ਹੈ, ਜਿੱਥੇ ਸਭ ਤੋਂ ਵੱਧ ਕਮਾਉਣ ਵਾਲੇ ਸੀ.ਈ.ਓਜ਼ ਇੱਕ ਔਸਤ ਓਨਟੇਰੀਓ ਵਰਕਰ ਦੀ ਤੁਲਨਾ ਵਿੱਚ 298 ਗੁਣਾ ਜ਼ਿਆਦਾ ਕਮਾਉਂਦੇ ਹਨ।
ਰਿਪੋਰਟ ਦੇ ਲੇਖਕ ਤੇ ਸੀਨੀਅਰ ਅਰਥ ਸ਼ਾਸਤਰੀ ਡੇਵਿਡ ਮੈਕਡੋਨਲਡ ਨੇ ਕਿਹਾ ਕਿ ਜ਼ਿਆਦਾਤਰ ਸੀ.ਈ.ਓਜ਼ ਦੀ ਤਨਖ਼ਾਹ ਬੋਨਸ , ਕੰਪਨੀ ਦੇ ਸ਼ੇਅਰ ਤੇ ਸਟਾਕ ਵਿਕਲਪ ਦੇ ਰੂਪ ਵਿੱਚ ਹੁੰਦੀ ਹੈ। 2022 ਦੇ ਸਭ ਤੋਂ ਵੱਧ ਤਨਖ਼ਾਹ ਪ੍ਰਾਪਤ ਕਰਨ ਵਾਲੇ ਸੀਈਓ ਜੇ. ਪੈਟਰਿਕ ਡੋਇਲ ਸਨ ਜਿਨ੍ਹਾਂ ਦੀ ਕੰਪਨੀ ਟਿਮ ਹਾਰਟਨਸ, ਬਰਗਰ ਕਿੰਗ ਅਤੇ ਪੋਪੀਏਜ਼ ਦੀ ਮਾਲਕ ਹੈ।ਡੋਇਲ ਨੇ 2022 ਵਿੱਚ 151.8 ਮਿਲੀਅਨ ਡਾਲਰ ਕਮਾਏ। ਉਨ੍ਹਾਂ ਦੀ ਇਹ ਤਨਖ਼ਾਹ ਸ਼ੇਅਰ ਅਧਾਰਤ ਅਤੇ ਵਿਕਲਪ-ਅਧਾਰਿਤ ਅਵਾਰਡ ਦੇ ਰੂਪ ਵਿੱਚ ਸੀ।
ਲਿਸਟ ਵਿੱਚ ਦੂਜੇ ਨੰਬਰ 'ਤੇ ਡਾਈ ਐਂਡ ਡਰਹਮ ਲਿਮਿਟੇਡ ਦੇ ਸੀ.ਈ.ਓ. ਮੈਥਿਊ ਪਰਾਊਡ ਸਨ, ਜਿਨ੍ਹਾਂ ਨੇ ਵਿਕਲਪ-ਅਧਾਰਿਤ ਅਵਾਰਡ ਰਾਹੀਂ $98.9 ਮਿਲੀਅਨ ਦੀ ਕਮਾਈ ਕੀਤੀ। ਰਿਪੋਰਟ ਮੁਤਾਬਕ ਸਭ ਤੋਂ ਵੱਧ ਕਮਾਈ ਕਰਨ ਵਾਲੇ ਸੀ.ਈ.ਓਜ਼ ਵਿੱਚ ਸਿਰਫ ਚਾਰ ਔਰਤਾਂ ਸਨ।