Oct 27, 2026 5:23 PM - Connect Newsroom - Ramandeep Kaur with files from The Canadian Press

ਮਾਂਟਰੀਅਲ ਵਿਚ ਹੋਣ ਜਾ ਰਹੀ ਕੈਨੇਡਾ ਈਯੂ ਸਮਿਟ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਕਿਊਬੈਕ ਦੀ ਨਵੀਂ Parti Québécois ਸਰਕਾਰ ਨੇ ਫੈਡਰਲ ਸਰਕਾਰ 'ਤੇ ਇਲਜ਼ਾਮ ਲਗਾਏ ਹਨ ਕਿ ਔਟਵਾ ਵਲੋਂ ਪ੍ਰੀਮੀਅਰ ਪੌਲ ਸੇਂਟ-ਪੀਅਰੇ ਪਲਾਮੈਂਡਨ ਨੂੰ ਇਸ ਆਉਣ ਵਾਲੀ ਸਮਿਟ ਵਿਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਓਧਰ, ਪਲਾਮੈਂਡਨ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਜਾਰੀ ਇੱਕ ਬਿਆਨ ਵਿਚ ਦੋਸ਼ ਲਾਇਆ ਕਿ ਇਹ ਸੰਮੇਲਨ ਕਿਊਬੈਕ ਦੀ ਧਰਤੀ 'ਤੇ ਹੋਣ ਦੇ ਬਾਵਜੂਦ ਫੈਡਰਲ ਸਰਕਾਰ ਨੇ ਉਨ੍ਹਾਂ ਦੀ ਸਪੀਚ ਦੇਣ ਦੀ ਬੇਨਤੀ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਇਹ ਕਿਊਬੈਕ ਦਾ ਨਿਰਾਦਰ ਹੈ। ਦੂਜੇ ਪਾਸੇ, ਫੈਡਰਲ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।
ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਨੇ ਇਹ ਵੀ ਦੱਸਿਆ ਕਿ ਪ੍ਰੀਮੀਅਰ ਪਲਾਮੈਂਡਨ ਅਤੇ ਕਿਊਬੈਕ ਖੇਤਰ ਦੀ ਆਰਥਿਕਤਾ ਲਈ ਜ਼ਿੰਮੇਵਾਰ ਸੂਬੇ ਦੇ ਸਾਰੇ ਲੀਡਰਸ ਨੂੰ ਈਵੈਂਟ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਕੈਨੇਡਾ ਈਯੂ ਸਮਿਟ 29 ਅਤੇ 30 ਅਕਤੂਬਰ ਨੂੰ ਹੋਵੇਗੀ।




