Sep 23, 2026 3:43 PM - Connect Newsroom - Jasmine Singh with files from The Canadian Press

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਵਿਚ ਇੱਕ ਭਾਸ਼ਣ ਦੌਰਾਨ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟੈਰਿਫਸ ਅਤੇ ਵਪਾਰ ਨਾਲ ਜੁੜੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੌਜੂਦਾ ਟਰੰਪ ਪ੍ਰਸ਼ਾਸਨ ਅਮਰੀਕੀ ਲੋਕਾਂ ਦੇ ਬਿਹਤਰ ਹਿੱਤ ਵਿਚ ਕੰਮ ਨਹੀਂ ਕਰ ਰਿਹਾ।
ਮੰਗਲਵਾਰ ਨੂੰ ਅਮਰੀਕਾ ਦੇ ਰੋਡ ਆਈਲੈਂਡ ਵਿਚ ਸਥਿਤ ਬ੍ਰਾਊਨ ਯੂਨੀਵਰਸਿਟੀ ਵਿਖੇ ਇੱਕ ਪ੍ਰੋਗਰਾਮ ਦੌਰਾਨ ਟਰੂਡੋ ਨੇ ਟਰੰਪ ਪ੍ਰਸ਼ਾਸਨ ਦੇ ਦੌਰ ਵਿਚ ਅਮਰੀਕਾ ਨੂੰ ਗੈਰ-ਭਰੋਸੇਮੰਦ ਭਾਈਵਾਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਟਰੰਪ ਦੀ ਸਿਰਫ਼ ਆਪਣਾ ਫਾਇਦਾ ਅਤੇ ਦੂਜੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਵਪਾਰਕ ਪੌਲਿਸੀ ਅਤੇ ਕੈਨੇਡੀਅਨ ਐਲੂਮੀਨੀਅਮ ਸਮੇਤ softwood lumber 'ਤੇ ਲਗਾਏ ਗਏ ਟੈਰਿਫਸ ਅਮਰੀਕੀ ਨੂੰ ਹੀ ਨੁਕਸਾਨ ਪਹੁੰਚਾ ਰਹੇ ਹਨ।
ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਅਮਰੀਕੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਸ਼ਿੰਗਟਨ ਪਹਿਲਾਂ ਵੀ ਆਪਣੇ ਹੀ ਫਾਇਦੇ ਲਈ ਕੰਮ ਕਰਦਾ ਰਿਹਾ ਹੈ ਪਰ ਉਹ ਤਰੀਕਾ ਵੱਖਰਾ ਸੀ, ਜਿਸ ਬਾਰੇ ਭਰੋਸਾ ਕੀਤਾ ਜਾ ਸਕਦਾ ਸੀ, ਜਦੋਂ ਕਿ ਹੁਣ ਬਹੁਤ ਜ਼ਿਆਦਾ ਅਨਿਸ਼ਿਚਤਤਾ ਦਾ ਮਾਹੌਲ ਹੈ, ਜਿਸ ਕਾਰਨ ਭਾਈਵਾਲ ਮੁਲਕਾਂ ਲਈ ਭਰੋਸਾ ਕਰਨਾ ਤੇ ਕਾਰੋਬਾਰਾਂ ਲਈ ਨਿਵੇਸ਼ ਕਰਨਾ ਬਹੁਤ ਹੀ ਅਨਿਸ਼ਚਿਤ ਅਤੇ ਮੁਸ਼ਕਲ ਹੋ ਗਿਆ ਹੈ।




