Dec 3, 2025 5:11 PM - Connect Newsroom - Jasmine Singh

ਪੰਜਾਬ ਦੇ ਸੰਸਦ ਮੈਂਬਰਾਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਲੋਕ ਸਭਾ ਵਿਚ ਇਹ ਮੁੱਦਾ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਅਤੇ 'ਆਪ' ਦੇ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਉਠਾਇਆ।
ਕੰਗ ਨੇ ਕਿਹਾ ਕਿ ਅਗਸਤ-ਸਤੰਬਰ ਵਿੱਚ ਜਦੋਂ ਸੂਬੇ ਨੂੰ ਭਾਰੀ ਮੀਂਹ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਪੰਜਾਬ ਦੇ ਛੇ ਜ਼ਿਲ੍ਹਿਆਂ ਦੇ 2,500 ਪਿੰਡਾਂ ਵਿਚ ਕਿਸਾਨਾਂ ਨੂੰ ਗੰਭੀਰ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਕੇਂਦਰੀ ਮੰਤਰੀਆਂ ਨੇ ਕੁਦਰਤੀ ਆਫ਼ਤ ਤੋਂ ਬਾਅਦ ਪੰਜਾਬ ਦਾ ਦੌਰਾ ਕੀਤਾ ਪਰ ਸੂਬੇ ਨੂੰ ਕੇਂਦਰ ਵੱਲੋਂ ਵਾਅਦਾ ਕੀਤੀ ਗਈ ਸਹਾਇਤਾ ਦਾ ਇੱਕ ਪੈਸਾ ਵੀ ਨਹੀਂ ਮਿਲਿਆ ਹੈ।
ਉਨ੍ਹਾਂ ਪੰਜਾਬ ਦੇ ਕਿਸਾਨਾਂ ਦੀ ਮਦਦ ਲਈ 50,000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ। ਉਥੇ ਹੀ,ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁਆਵਜ਼ਾ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਜਾਣਾ ਚਾਹੀਦਾ ਹੈ।




