Sep 23, 2026 6:22 PM - Connect Newsroom - Jasmine Singh

ਵੈਨਕੂਵਰ ਦੇ ਡਾਊਨਟਾਊਨ ਵਿਚ ਪਿਛਲੇ ਮਹੀਨੇ ਇੱਕ 19 ਸਾਲਾ ਨੌਜਵਾਨ ਦੇ ਚਿਹਰੇ 'ਤੇ ਬਲੇਡ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਅਤੇ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਉਸ ਦਾ ਦੂਜਾ ਸਾਥੀ ਫਰਾਰ ਹੈ। ਪੁਲਿਸ ਮੁਤਾਬਕ, ਘਟਨਾ 8 ਅਗਸਤ ਨੂੰ ਤੜਕੇ ਲਗਭਗ 3:20 ਵਜੇ ਗ੍ਰੈਨਵਿਲ ਸਟ੍ਰੀਟ ਦੇ 900-ਬਲਾਕ ਵਿਚ ਵਾਪਰੀ ਸੀ, ਪੀੜਤ ਆਪਣੇ ਦੋਸਤਾਂ ਨਾਲ ਘੁੰਮ ਰਿਹਾ ਸੀ।
ਉਸੇ ਦੌਰਾਨ ਦੋ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਤੱਕ ਪਹੁੰਚ ਕੇ ਨੌਜਵਾਨ ਦੇ ਗਲ਼ ਵਿਚੋਂ ਚੇਨ ਖੋਹ ਲਈ ਅਤੇ ਉਸ ਦੇ ਚਿਹਰੇ 'ਤੇ ਬਲੇਡ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਨੱਕ ਦੀ ਨੋਕ ਤੋਂ ਲੈ ਕੇ ਅੱਖ ਦੇ ਹੇਠਾਂ ਤੱਕ ਲਗਭਗ 13 ਸੈਂਟੀਮੀਟਰ ਲੰਬਾ ਡੂੰਘਾ ਕੱਟ ਲੱਗ ਗਿਆ ਸੀ।
ਪੁਲਿਸ ਨੇ 18 ਸਤੰਬਰ ਨੂੰ ਡਾਊਨਟਾਊਨ ਈਸਟਸਾਈਡ ਤੋਂ 29 ਸਾਲਾ ਗੈਰਟ ਵਿਲੀਅਮ ਥੌਮਸ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੇ ਘਰ ਦੀ ਤਲਾਸ਼ੀ ਲਈ, ਜਿਸ 'ਤੇ ਲੁੱਟ-ਖੋਹ ਅਤੇ ਜਾਨਲੇਵਾ ਹਮਲੇ ਦੇ ਦੋਸ਼ ਲਗਾਏ ਗਏ ਹਨ। ਦੂਜੇ ਪਾਸੇ, ਫਰਾਰ ਮੁਲਜ਼ਮ ਦੀ ਤਸਵੀਰ ਜਾਰੀ ਕੀਤੀ ਗਈ ਹੈ।




